April 13, 2023

ਜਲਿਆਂਵਾਲਾ ਬਾਗ ਦਾ ਕਤਲੇਆਮ 13 ਅਪ੍ਰੈਲ 1919 ਦੀ (ਵਿਸਾਖੀ ਦੇ ਦਿਨ) ਸ਼ਾਮ ਨੂੰ 5:30 ਵਜੇ ਅੰਮ੍ਰਿਤਸਰ ਸ਼ਹਿਰ ਵਿਚ ਦਰਬਾਰ ਸਾਹਿਬ ਅੰਮ੍ਰਿਤਸਰ (Golden Temple) ਤੋਂ 600 ਮੀਟਰ ਦੀ ਦੂਰੀ ਤੇ ਜਲਿਆਂਵਾਲਾ ਬਾਗ (ਪਾਰਕ) ਵਿਚ ਹੋਇਆ ਸੀ। ਔਰਤਾਂ ਅਤੇ ਬੱਚਿਆਂ ਸਮੇਤ ਕਰੀਬ 15,000 ਤੋਂ 20 ਹਜ਼ਾਰ ਭਾਰਤੀ, ਬਸਤੀਵਾਦੀ ਕਾਨੂੰਨ “ਰੌਲਟ ਐਕਟ” ਦਾ ਵਿਰੋਧ ਕਰਨ ਲਈ ਜਲਿਆਂਵਾਲਾ ਬਾਗ ਵਿਚ ਇੱਕ ਜਨਤਕ ਮੀਟਿੰਗ ਵਿੱਚ ਸ਼ਾਮਲ ਹੋਏ ਸਨ। ਜਲਿਆਂਵਾਲਾ ਬਾਗ ਚਾਰ ਦੀਵਾਰੀ ਨਾਲ ਘਿਰਿਆ ਹੋਇਆ ਸੀ। ਅੰਦਰ ਜਾਣ ਅਤੇ ਬਾਹਰ ਨਿਕਲਣ ਲਈ ਇਕ ਤੰਗ ਗਲੀ ਵਿਚੋਂ ਲੰਘਣਾ ਪੈਦਾ ਸੀ। ਜਲਸਾ ਸ਼ਾਂਤੀਪੂਰਵਕ ਚੱਲ ਰਹੀ ਸੀ, ਕਿਸੇ ਕੋਲ ਕੋਈ ਹਥਿਆਰ ਨਹੀਂ ਸੀ, ਜਲਸਾਕਾਰੀਆਂ ਦਾ ਹਿੰਸਾ ਕਰਨ ਦਾ ਕੋਈ ਇਰਾਦਾ ਨਹੀਂ ਸੀ। ਜਦੋਂ ਮੀਟਿੰਗ ਚੱਲ ਰਹੀ ਸੀ , ਬ੍ਰਿਟਿਸ਼ ਫੌਜ ਦੇ ਕਰਨਲ ਰੇਜੀਨਾਲਡ ਡਾਇਰ ਨੇ 50 ਫੌਜੀਆਂ ਨਾਲ ਬਾਗ ਨੂੰ ਜਾਂਦੇ ਇੱਕੋ ਇਕ ਰਾਹ ਨੂੰ ਰੋਕ ਕੇ ਬਾਗ ਵਿਚ ਦਾਖਲ ਹੋ ਗਿਆ। ਸੈਨਿਕਾਂ ਦੁਆਰਾ ਸਾਰੇ ਨਿਕਾਸ ਨੂੰ ਰੋਕ ਦਿੱਤਾ ਗਿਆ ਸੀ ਅਤੇ ਜਲਸਾਕਾਰੀਆਂ ਕੋਲ ਬਚਣ ਲਈ ਕੋਈ ਵੀ ਰਾਹ ਨਹੀ ਸੀ। ਡਾਇਰ ਨੇ ਭੀੜ ਨੂੰ ਖਿੰਡ ਜਾਣ ਜਾਂ ਬਾਗ ਵਿਚੋਂ ਚਲੇ ਜਾਣ ਦੀ ਚੇਤਾਵਨੀ ਦਿੱਤੇ ਬਿਨਾ ਹੀ, ਆਪਣੇ ਸੈਨਿਕਾਂ ਨੂੰ ਭੀੜ ਉਪਰ ਗੋਲੀ ਚਲਾਉਣ ਦਾ ਹੁਕਮ ਦਿੱਤਾ। ਸੈਨਿਕ ਬੰਦੂਕਾਂ ਨਾਲ ਅੰਧਾਧੁੰਦ ਗੋਲੀਬਾਰੀ ਉਦੋਂ ਤਕ ਚਲਾਉਂਦੇ ਰਹੇ ਜਦੋਂ ਬਾਰੂਦ ਮੁੱਕ ਗਿਆ। ਲੱਗਪਗ 10 ਮਿੰਟ ਤੱਕ ਗੋਲੀਬਾਰੀ ਜਾਰੀ ਰਹੀ। ਉਨ੍ਹਾਂ 1650 ਗੋਲੀਆਂ ਚਲਾਈਆਂ। ਡਾਇਰ ਨੇ ਜਖਮੀਆਂ ਨੂੰ ਮਰਨ ਲਈ ਬਾਗ ਵਿਚ ਛੱਡ ਦਿੱਤਾ। ਉਨ੍ਹਾਂ ਨੂੰ ਕੋਈ ਵੀ ਡਾਕਟਰੀ ਸਹਾਇਤਾ ਨਹੀ ਦਿੱਤੀ ਗਈ ਅਤੇ ਸ਼ਹਿਰ ਵਿਚ ਮਾਰਸ਼ਲ ਲਾਅ ਲਗਾ ਦਿੱਤਾ ਗਿਆ। ਸਰਕਾਰੀ ਅੰਕੜੇ ਮੁਤਾਬਕ 379 ਵਿਆਕਤੀ ਮਾਰੇ ਗਏ ਜਿਨ੍ਹਾਂ ਵਿਚੋਂ 41 ਬੱਚੇ ਸਨ। ਇਕ ਬੱਚੇ ਦੀ ਉਮਰ ਸਿਰਫ ਛੇ ਮਹੀਨੇ ਸੀ ਅਤੇ 1,100 ਜਖਮੀਆਂ ਦੀ ਪਛਾਣ ਕੀਤੀ ਗਈ। ਪਰ ਭਾਰਤੀ ਰਾਸ਼ਟਰੀ ਕਾਂਗਰਸ ਅਨੁਸਾਰ ਜਖਮੀਆਂ ਦੀ ਗਿਣਤੀ 1,500 ਤੋਂ ਵਧ ਅਤੇ ਮਰਨ ਵਾਲੇ ਲੱਗਪਗ 1,000 ਸਨ। ਜਦੋਂ ਕਿ ਪੰਡਤ ਮਦਨ ਮੋਹਨ ਮਾਲਵੀਆ ਦੇ ਅਨੁਸਾਰ ਘੱਟ ਤੋਂ ਘੱਟ 1300 ਲੋਕ ਮਾਰੇ ਗਏ। ਜਾਨ ਬਚਾਉਣ ਲਈ ਬਹੁਤ ਸਾਰੇ ਲੋਕਾਂ ਨੇ ਬਾਗ ਵਿੱਚ ਮੌਜੂਦ ਖੂਹ ਵਿੱਚ ਛਲਾਂਗ ਲਗਾ ਦਿੱਤੀ। ਬਾਗ ਵਿੱਚ ਲੱਗੀ ਫੱਟੀ ਉੱਤੇ ਲਿਖਿਆ ਹੈ ਕਿ 120 ਲਾਸਾਂ ਤਾਂ ਸਿਰਫ ਖੂਹ ਵਿੱਚੋਂ ਹੀ ਮਿਲਿਆਂ। ਉਸ ਸਮੇਂ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੇ ਇਸ ਕਤਲੇਆਮ ਨੂੰ ਸਹੀ ਐਕਸ਼ਨ ਕਰਾਰ ਦਿੱਤਾ ਸੀ। ਇਸ ਕਤਲੇਆਮ ਨੇ ਪੂਰੇ ਭਾਰਤ ਅਤੇ ਵਿਦੇਸ਼ਾਂ ਵਿੱਚ ਰੋਸ ਪੈਦਾ ਕਰ ਦਿੱਤਾ ਸੀ।

21 ਸਾਲਾਂ ਬਾਅਦ ਉਧਮ ਸਿੰਘ ਨੇ 13 ਮਾਰਚ 1940 ਨੂੰ ਲੰਡਨ ਦੇ ਕੈਸਟਨ ਹਾਲ ਵਿਚ ਪਹੁੰਚ ਕੇ ਮਾਈਕਲ ਓਡਵਾਇਰ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਅਤੇ ਜਲਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲਿਆ ਸੀ। ਸ. ਊਧਮ ਸਿੰਘ ਉਰਫ ਮੁਹਮੰਦ ਸਿੰਘ ਆਜਾਦ ਨੂੰ ਸਰ ਮਾਇਕਲ ਓਡਵਾਇਰ ਦੇ ਕਤਲ ਦੇ ਦੋਸ਼ ਵਿੱਚ 31 ਜੁਲਾਈ 1940 ਨੂੰ ਲੰਡਨ ਦੀ ਪੈਟੋਨਵਿਲੇ ਜੇਲ੍ਹ ਵਿਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਉਸ ਦੀ ਦੇਹ ਨੂੰ ਜੇਲ੍ਹ ਵਿੱਚ ਹੀ ਦਬਾ ਦਿੱਤਾ ਗਿਆ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਦੇ ਯਤਨਾਂ ਸਦਕਾ 31 ਜੁਲਾਈ 1974 ਨੂੰ ਇੰਗਲੈਂਡ ਨੇ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਨੂੰ ਸੌਂਪੀਆਂ ਅਤੇ ਸਸਕਾਰ ਸੁਨਾਮ ਵਿਖੇ ਕੀਤਾ ਗਿਆ ।

ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੈਥ ਅਤੇ ਉਸਦੇ ਪਤੀ, ਪ੍ਰਿੰਸ ਫਿਲਿਪ, ਅਤੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਸਮੇਤ ਕਈ ਬ੍ਰਿਟਿਸ਼ ਪਤਵੰਤੇ, ਜਲਿਆਂਵਾਲਾ ਬਾਗ ਵਿੱਚ ਸ਼ਰਧਾਂਜਲੀ ਦੇਣ ਲਈ ਆਏ ਹਨ। ਸ਼੍ਰੀਮਾਨ ਡੇਵਿਡ ਕੈਮਰਨ ਨੇ ਇਸ ਕਤਲੇਆਮ ਨੂੰ “ਬ੍ਰਿਟਿਸ਼ ਇਤਿਹਾਸ ਵਿੱਚ ਇੱਕ ਡੂੰਘੀ ਸ਼ਰਮਨਾਕ ਘਟਨਾ” ਦੱਸਿਆ। ਲੰਡਨ ਦੇ ਮੇਆਰ ਸਾਦਿਕ ਖਾਨ ਦਸੰਬਰ 2017 ਵਿਚ ਜਲਿਆਂਵਾਲਾ ਬਾਗ ਸ਼ਰਧਾਂਜਲੀ ਦੇਣ ਲਈ ਆਏ ਸਨ। ਉਨ੍ਹਾਂ ਕਿਹਾ “ਬ੍ਰਿਟਿਸ਼ ਸਰਕਾਰ ਨੂੰ ਜਲਿਆਂਵਾਲਾ ਬਾਗ ਦੇ ਸਾਕੇ ਲਈ ਭਾਰਤ ਦੇ ਲੋਕਾਂ ਤੋਂ ਪੂਰੀ ਅਤੇ ਰਸਮੀ ਮੁਆਫ਼ੀ ਚਾਹੀਦੀ ਹੈ।” ਪੰਜਾਬ ਅਸੈਂਬਲੀ ਨੇ ਫਰਵਰੀ 2019 ਨੂੰ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਤਾਂ ਜੋ ਕੇਂਦਰ ‘ਤੇ ਦਬਾਅ ਬਣਾਇਆ ਜਾ ਸਕੇ ਕਿ ਉਹ ਦੁਨੀਆ ਦੇ ਸਭ ਤੋਂ ਭਿਆਨਕ ਖੂਨੀ ਸਾਕੇ ਲਈ ਬ੍ਰਿਟਿਸ਼ ਸਰਕਾਰ ਤੋਂ ਰਸਮੀ ਮੁਆਫੀ ਮੰਗਣ ਲਈ ਕਹਿਣ। 104 ਸਾਲ ਬੀਤ ਜਾਣ ‘ਤੇ ਵੀ ਅੰਗਰੇਜ਼ ਸਰਕਾਰ ਨੇ ਇਸ ਘਿਨਾਉਣੇ ਕਾਰੇ ਲਈ ਕਦੇ ਮੁਆਫ਼ੀ ਨਹੀਂ ਮੰਗੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਦਿੱਤਾ ਗਿਆ।

ਜਲਿਆਂਵਾਲਾ ਬਾਗ ਵਿਖੇ ਮਾਰੇ ਗਏ ਲੋਕਾਂ ਦੇ ਵਾਰਸ ਅਜੇ ਵੀ ਆਪਣੇ ਰਿਸ਼ਤੇਦਾਰਾਂ ਦੇ ਕਤਲ ਲਈ ਬ੍ਰਿਟਿਸ਼ ਕਿੰਗ ਚਾਰਲਸ III ਅਤੇ ਬ੍ਰਿਟਿਸ਼ ਸਰਕਾਰ ਤੋਂ ਮੁਆਫੀ ਮੰਗਣ ਦੀ ਉਡੀਕ ਕਰ ਰਹੇ ਹਨ। ਇੰਗਲੈਂਡ ਦੀ ਸਰਕਾਰ ਨੂੰ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਬਣਦਾ ਮੁਆਵਜਾਂ ਵੀ ਦੇਣਾ ਚਾਹੀਦਾ ਹੈ। ਭਾਰਤ ਦੀ ਸਰਕਾਰ ਨੂੰ ਵੀ ਇਹ ਮਸਲਾ ਇੰਗਲੈਂਡ ਦੀ ਸਰਕਾਰ ਕੋਲ ਉਠਾਣਾ ਚਾਹੀਦਾ ਹੈ।

ਕਮਲਜੀਤ ਸਿੰਘ ਥਿੰਦ
ਸਰੀ ਬੀ. ਸੀ. ਕੇਨੈਡਾ

Posted in: City NewsTags: